American Punjabi News

ਹੰਕਾਰ ਛੱਡ, ਕਿਸਾਨਾਂ ਦੀ ਤਕਲੀਫ਼ ਸਮਝੇ ਸਰਕਾਰ : ਰਾਹੁਲ ਗਾਂਧੀ



ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 74 ਦਿਨਾਂ ਤੋਂ ਜਾਰੀ ਹੈ। ਨਾਲ ਹੀ ਉਹ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹਨ। ਇਸ ਵਿਚ ਸ਼ਨੀਵਾਰ ਨੂੰ ਕਿਸਾਨਾਂ ਨੇ ਦੇਸ਼ਵਿਆਪੀ ਚੱਕਾ ਜਾਮ ਕੀਤਾ, ਹਾਲਾਂਕਿ ਇਸ ਵਾਰ ਪੁਲਸ ਪ੍ਰਸ਼ਾਸਨ ਦੀ ਸਰਗਰਮੀ ਕਾਰਨ ਕਿਤੇ ਵੀ ਹਿੰਸਾ ਨਹੀਂ ਹੋਈ। ਉੱਥੇ ਹੀ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ,''ਕਿਸਾਨ-ਮਜ਼ਦੂਰ ਦੇ ਗਾਂਧੀ ਜਯੰਤੀ ਤੱਕ ਅੰਦੋਲਨ ਦੇ ਫ਼ੈਸਲੇ ਤੋਂ ਉਨ੍ਹਾਂ ਦੇ ਦ੍ਰਿੜ ਸੰਕਲਪ ਦੇ ਨਾਲ ਹੀ ਇਹ ਵੀ ਸਾਫ਼ ਹੈ ਕਿ ਉਹ ਮੋਦੀ ਸਰਕਾਰ ਤੋਂ ਕਿੰਨੇ ਨਾ ਉਮੀਦ ਹਨ। ਹੰਕਾਰ ਛੱਡੋ, ਸੱਤਿਆਗ੍ਰਹੀ ਕਿਸਾਨਾਂ ਦੀ ਤਕਲੀਫ਼ ਸਮਝੋ ਅਤੇ ਖੇਤੀ ਵਿਰੋਧੀ ਕਾਨੂੰਨ ਵਾਪਸ ਲਵੋ।''
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਰਾਹੁਲ ਨੇ ਕਿਹਾ ਸੀ,''ਅੰਨਦਾਤਾ ਦਾ ਸ਼ਾਂਤੀਪੂਰਨ ਸੱਤਿਆਗ੍ਰਹਿ ਦੇਸ਼ਹਿੱਤ 'ਚ ਹੈ- ਇਹ ਤਿੰਨ ਕਾਨੂੰਨ ਸਿਰਫ਼ ਕਿਸਾਨ-ਮਜ਼ਦੂਰ ਲਈ ਹੀ ਨਹੀਂ,ਜਨਤਾ ਅਤੇ ਦੇਸ਼ ਲਈ ਵੀ ਖ਼ਤਰਨਾਕ ਹਨ। ਪੂਰਨ ਸਮਰਥਨ!'' ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਚੱਕਾ ਜਾਮ ਤੋਂ ਬਾਅਦ ਕਿਸਾਨਾਂ ਨੂੰ ਕਿਹਾ,''ਅਸੀਂ ਕਾਨੂੰਨ ਵਾਪਸ ਲੈਣ ਲਈ ਸਰਕਾਰ ਨੂੰ 2 ਅਕਤੂਬਰ ਤੱਕ ਦਾ ਸਮਾਂ ਦਿੱਤਾ। ਇਸ ਤੋਂ ਬਾਅਦ ਅਸੀਂ ਅੱਗੇ ਦੀ ਯੋਜਨਾ ਬਣਾਵਾਂਗੇ। ਅਸੀਂ ਦਬਾਅ 'ਚ ਸਰਕਾਰ ਨਾਲ ਚਰਚਾ ਨਹੀਂ ਕਰਾਂਗੇ।''